ਇੱਕ ਵਾਰ ਇੱਕ ਬੱਚਾ ਸਕੂਲ ਜਾਣ ਤੋਂ ਡਰਦਾ ਉੱਚੀ ਉੱਚੀ ਰੋ ਰਿਹਾ ਸੀ, ਓਹਦਾ ਬਾਪ ਓਹਨੂੰ ਧੱਕੋ ਜੋਰੀ ਸਕੂਲ ਛੱਡਣ ਜਾ ਰਿਹਾ ਸੀ , ਰਾਹ ਵਿੱਚ ਇੱਕ ਕਸਾਈ ਇੱਕ ਲੇਲੇ ਨੂੰ ਟੋਕਰੇ ਵਿੱਚ ਬੰਨ੍ਹ ਕੇ ਲਿਜਾ ਰਿਹਾ ਸੀ , ਜੋ ਸਾਈਕਲ ਮਗਰ ਬੰਨ੍ਹਿਆਂ ਹੋਇਆ ਸੀ । ਲੇਲਾ ਸੰਭਾਵੀ ਮੌਤ ਤੇ ਸਰੀਰਕ ਜਕੜ ਤੋਂ ਘਬਰਾ ਕੇ ਕੁਰਲਾ ਰਿਹਾ ਸੀ । ਓਹਦੀ ਕੁਰਲਾਹਟ ਸੁਣਕੇ ਬੱਚਾ ਆਪਣਾ ਰੋਣਾ , ਡਰ ਭੁੱਲ ਗਿਆ ਤੇ ਆਪਣੇ ਬਾਪ ਨੂੰ ਪੁੱਛਣ ਲੱਗਾ ਕਿ ਲੇਲਾ ਕਿਓਂ ਰੋਂਦਾ ਏ ਪਾਪਾ ?
ਬਾਪ ਨੇ ਜਵਾਬ ਦਿੱਤਾ ਕਿ ਓਹ ਕਸਾਈ ਏ , ਲੇਲੇ ਨੂੰ ਮਾਰ ਕੇ ਓਹਦਾ ਮਾਸ ਵੇਚਣਾ ਏ ਓਹਨੇ ,ਲੇਲਾ ਤਾਂ ਰੋਂਦਾ ਏ।
“ਹੱਛਾਅ!
ਮੈਂ ਸਮਝਿਆ ਖੌਰੇ ਲੇਲੇ ਨੂੰ ਵੀ ਸਕੂਲ ਛੱਡਣ ਚੱਲਿਆ ਏ ਭਾਈ”
ਸਾਡੇ ਵੇਲਿਆਂ ਚ ਕੁਝ ਅਜਿਹੀ ਹੀ ਦਹਿਸ਼ਤ ਹੁੰਦੀ ਸੀ ਸਕੂਲ ਦੀ, ਹਰ ਵੇਲੇ ਜਾਨ ਮੁੱਠੀ ਚ ਆਈ ਰਹਿੰਦੀ ਸੀ, ਭੁੱਖ ਤੇਹ ਵੀ ਭੁੱਲੀ ਰਹਿੰਦੀ ਸੀ ,ਕਈ ਮਾਸਟਰ ਤਾਂ ਘਰ ਦਾ ਗ਼ੁੱਸਾ ਵੀ ਵਿਦਿਆਰਥੀਆਂ ਤੇ ਈ ਕੱਢਦੇ ਸਨ ਆ ਕੇ । ਮਾਰ ਕੁੱਟ ਤੋਂ ਇਲਾਵਾ ਕੁਝ ਅਧਿਆਪਕ ਅਜਿਹੇ ਵੀ ਹੁੰਦੇ ਸਨ ਜੋ ਸ਼ਬਦ ਬਾਣ ਚਲਾ ਕੇ ਆਪਣੇ ਵਿਦਿਆਰਥੀਆਂ ਨੂੰ ਜ਼ਲੀਲ ਕਰਦੇ ਸਨ , ਓਹਨਾਂ ਦੇ ਪਾਏ ਟੇਢੇ ਮੇਢੇ ਨਾਮ ਕਈ ਲੋਕਾਂ ਲਈ ਸਾਰੀ ਉਮਰ ਦਾ ਸਰਾਪ ਬਣ ਜਾਂਦੇ ਸਨ । ਅਜਿਹੇ ਮਾਹੌਲ ਵਿੱਚ ਪੜ੍ਹਿਆ ਬੱਚਾ ਪ੍ਰੀਖਿਆ ਤਾਂ ਬੇਸ਼ੱਕ ਪਾਸ ਕਰ ਲੈਂਦਾ ਸੀ , ਪਰ ਕਦੀ ਸੰਪੂਰਨ ਇਨਸਾਨ ਨਹੀਂ ਸੀ ਬਣ ਪਾਉਂਦਾ ।ਕਿਉਂਕਿ ਕਿਸੇ ਨੂੰ ਕੁਝ ਦੇਣਾ ਹੋਵੇ ਤਾਂ ਓਹ ਤੁਹਾਡੇ ਕੋਲ ਮੌਜੂਦ ਹੋਣਾ ਚਾਹੀਦਾ ਏ, ਜੇ ਸਾਡੇ ਖ਼ੁਦ ਕੋਲ ਸਵੈ ਮਾਣ ਈ ਨਾ ਹੋਵੇ ਤਾਂ ਕਿਸੇ ਹੋਰ ਦਾ ਮਾਨ ਸਨਮਾਨ ਕਿਵੇਂ ਕਰ ਸਕਦੇ ਹਾਂ ।
ਹੁਣ ਜਦੋਂ ਵਿਦੇਸ਼ਾਂ ਵਿੱਚ ਆ ਕੇ ਬੱਚਿਆਂ ਨੂੰ ਸਕੂਲ ਜਾਂਦੇ ਵੇਖਦੇ ਆਂ ਤਾਂ ਫਿਰ ਤੋ ਬਚਪਨ ਜੀਉਣ ਨੂੰ ਦਿਲ ਕਰਦਾ ਏ , ਫੁੱਲਾਂ ਵਾਂਗੂੰ ਰੱਖਦੇ ਨੇ ਕੋਮਲ ਬੱਚਿਆਂ ਨੂੰ ਓਹ ਲੋਕ, ਦੋਸਤਾਂ ਵਾਂਗ ਵਿਚਰਦੇ ਨੇ ਓਹਨਾ ਨਾਲ। ਬੱਚੇ ਨੂੰ ਅਹਿਸਾਸ ਕਰਵਾਇਆ ਜਾਂਦਾ ਏ ਕਿ ਓਹ ਬਹੁਤ ਮਹੱਤਵਪੂਰਨ ਏ , ਕੁਝ ਨਾ ਕੁਝ ਖ਼ਾਸ ਜ਼ਰੂਰ ਏ ਓਹਦੇ ਵਿੱਚ ਜੋ ਦੂਜਿਆਂ ਵਿੱਚ ਨਹੀਂ ਏ । ਏਹੀ ਕਾਰਨ ਏ ਕਿ ਸਕੂਲ ਦਾ ਚਾਅ ਹੁੰਦਾ ਏ ਬੱਚਿਆਂ ਨੂੰ , ਕਈ ਕਈ ਦਿਨ ਪਹਿਲਾਂ ਉਡੀਕਦੇ ਨੇ ਸਕੂਲ ਖੁੱਲ੍ਹਣ ਦਾ ਦਿਨ ,ਸੱਚਮੁੱਚ ਹੋਣਹਾਰ ਸ਼ਖਸ਼ੀਅਤਾਂ ਉੱਸਰਦੀਆਂ ਨੇ ਅਜਿਹੇ ਮਾਹੌਲ ਵਿੱਚ, ਬੇਖੌਫ , ਨਿਡਰ , ਹਰ ਚੀਜ਼ ਨੂੰ ਓਹਦੇ ਅਸਲ ਰੂਪ ਵਿੱਚ ਵੇਖ ਸਕਣ ਵਾਲ਼ੀਆਂ , ਹਸਤੀਆਂ । ਖੇਡਦੇ ਖੇਡਦੇ ਈ ਸਿੱਖਣਾ ਤੇ ਕਿਸੇ ਵੀ ਤਰਾਂ ਦੇ ਬੋਝ ਤੋ ਮੁਕਤ ਹੋਣਾ ਬਾਲ ਉਮਰ ਲਈ ਜ਼ਰੂਰੀ ਏ, ਭਾਰੀ ਬਸਤੇ ਦਾ ਬੋਝ ਵੀ ਤਸ਼ੱਦਦ ਏ ਏਹਨਾ ਨੰਨ੍ਹੇ ਮੁੰਨ੍ਹੇ ਫ਼ਰਿਸ਼ਤਿਆਂ ਤੇ । ਏਸ ਉਮਰੇ ਕੋਮਲ ਹਿਰਦੇ ਤੇ ਲੱਗੀਆਂ ਚੋਟਾਂ ਸਾਰੀ ਉਮਰ ਕਸਕ ਦੇਂਦੀਆਂ ਨੇ , ਪਿਆਰ ਦਾ ਰੰਗ ਚੜ੍ਹਨ ਦੀ ਥਾਂ ਨਫ਼ਰਤ ਤੇ ਡਰ ਦੀ ਪਿਓਂਦ ਲੱਗ ਜਾਂਦੀ ਏ ਰੂਹ ਨੂੰ , ਜੋ ਇੱਕ ਆਦਰਸ਼ ਸ਼ਖਸ਼ੀਅਤ ਦੀ ਉਸਾਰੀ ਵਿੱਚ ਵੱਡੀ ਰੁਕਾਵਟ ਬਣਦੀ ਏ ।
loading...
No comments:
Post a Comment